About us

ਜਾਣ-ਪਛਾਣ ਲਈ ਕੁਝ ਸ਼ਬਦ

ਆਦਿ ਕਾਲ ਤੋਂ ਸੰਤ ਸਤਿਗੁਰੂ ਸਾਹਿਬਾਨ ਜੀਵਾਂ ਤੇ ਤਰਸ ਕਰਕੇ, ਉਹਨਾਂ ਤੇ ਦਇਆ ਕਰਕੇ ਉਹਨਾਂ ਦੇ ਉਦਾਰ ਦੇ ਨਮਿਤ ਸੰਸਾਰ ਵਿੱਚ ਅਵਤਾਰ ਧਾਰਨ ਕਰਦੇ ਆ ਰਹੇ ਨੇ।ਸਮੇਂ ਸਮੇਂ ਤੇ ਉਹਨਾਂ ਵੱਲੋਂ ਉਸ ਸਮੇਂ ਦੇ ਹਾਲਾਤ ਮੁਤਾਬਕ ਵੱਖ ਵੱਖ ਮੱਤਾਂ ਦੀ ਸ਼ੁਰੂਆਤ ਵੀ ਕੀਤੀ ਗਈ। ਉਹਨਾਂ ਦੇ ਦੇਹ ਸਰੂਪ ਉਹਲਾ ਕਰਨ ਤੋਂ ਬਾਅਦ ਉਹਨਾਂ ਮੱਤਾਂ ਦੇ ਮੰਨਣ ਵਾਲਿਆਂ ਨੇ ਮਨਮਤ ਧਾਰਨ ਕਰ ਲਈ ਅਤੇ ਆਪਣੇ ਸਤਿਗੁਰੂ ਸਾਹਿਬਾਨ ਦੇ ਦਰਸਾਏ ਰਸਤਿਆਂ ਤੋਂ ਭਟਕਣਾ ਸ਼ੁਰੂ ਹੋ ਗਏ। ਉਹਨਾਂ ਮੱਤਾਂ ਨੂੰ ਮੰਨਣ ਵਾਲਿਆਂ ਨੇ ਕਿਸੇ ਵੀ ਸਿਆਣੇ ਮਹਾਂਪੁਰਸ਼ ਦੀ ਅਗਵਾਈ ਨਾ ਕਬੂਲੀ। ਇੱਕ ਮਨੁੱਖ ਦਾ ਸੁਭਾਅ ਹੈ  ਕਿ ਉਹ ਤਾਂ ਜਲਦੀ ਕੀਤੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਨਹੀਂ ਕਰਦਾ ਫਿਰ ਆਪਣੇ ਵਰਗੇ ਜੀਵਾਂ ਦੇ ਕਹਿਣੇ ਵਿੱਚ ਕਿਸ ਨੇ ਆਉਣਾ ਸੀ। ਇਸ ਕਰਕੇ ਸਤਿਗੁਰੂ ਸਾਹਿਬਾਨਾਂ ਨੂੰ ਵੱਖ ਵੱਖ ਸਮੇਂ ਤੇ ਵੱਖ-ਵੱਖ ਰੂਪਾਂ ਵਿੱਚ ਇਨਸਾਨੀ ਚੋਲੇ ਵਿੱਚ ਆਉਣਾ ਪੈ ਰਿਹਾ ਹੈ, ਤਾਂ ਕਿ ਆਪਣੇ ਧੁਰ ਧਾਮ ਤੋਂ ਵਿਛੜ ਚੁੱਕੀਆਂ ਰੂਹਾਂ ਨੂੰ ਉਹਨਾਂ ਦੇ ਸੱਚੇ ਅਸਥਾਨ ਤੇ ਪਹੁੰਚਾਇਆ ਜਾ ਸਕੇ। ਇਸੇ ਉਦੇਸ਼ ਦੀ ਖਾਤਰ ਹਜੂਰ ਸੁਆਮੀ ਜੀ ਮਹਾਰਾਜ ਵੱਲੋਂ 1818 ਈਸਵੀ ਵਿੱਚ ਆਗਰੇ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ ਤੇ ਰਾਧਾ ਸੁਆਮੀ ਮੱਤ ਦੀ ਸ਼ੁਰੂਆਤ ਹੋਈ।

ਸਾਲ 1878 ਈਸਵੀ ਵਿੱਚ ਹਜੂਰ ਸੁਆਮੀ ਜੀ ਮਹਾਰਾਜ ਵੱਲੋਂ ਦੇਹ ਦਾ ਓਹਲਾ ਕਰਨ ਤੋਂ ਬਾਅਦ ਹਜੂਰ ਬਾਬਾ ਜੈਮਲ ਸਿੰਘ ਜੀ ਮਹਾਰਾਜ ਵੱਲੋਂ ਰਾਧਾ ਸੁਆਮੀ ਨਾਮ ਦੀ ਰੂਹਾਨੀ ਜੋਤ ਨੂੰ ਹੋਰ ਰੌਸ਼ਨ ਕੀਤਾ ਗਿਆ। ਹਜੂਰ ਬਾਬਾ ਜੈਮਲ ਸਿੰਘ ਜੀ ਮਹਾਰਾਜ ਵੱਲੋਂ ਸੰਨ 1894 ਵਿੱਚ ਹਜੂਰ ਬਾਬਾ ਬੱਗਾ ਸਿੰਘ ਜੀ ਮਹਾਰਾਜ ਨੂੰ ਜਾਨਸ਼ੀਨੀ ਬਖਸ਼ ਦਿੱਤੀ ਗਈ।

ਬਾਬਾ ਬੱਗਾ ਸਿੰਘ ਜੀ ਮਹਾਰਾਜ ਵੱਲੋਂ ਤਰਨ ਤਾਰਨ (ਪੰਜਾਬ) ਦੀ ਧਰਤੀ ਤੇ ਡੇਰਾ ਸਥਾਪਿਤ ਕਰਕੇ ਅਨੇਕ ਰੂਹਾਂ ਨੂੰ ਉਸ ਧੁਰ ਧਾਮ ਦੀਆਂ ਵਾਸੀ ਬਣਾਇਆ। ਬਾਬਾ ਬੱਗਾ ਸਿੰਘ ਜੀ ਮਹਾਰਾਜ ਦੇਹ ਸਰੂਪ ਵਿੱਚ ਸਾਲ 1944 ਤੱਕ ਸੰਗਤਾਂ ਤੇ ਦਇਆ ਕਿਰਪਾ ਦਾ ਮੀਂਹ ਵਰਸਾਉਂਦੇ ਰਹੇ, ਜਿਸ ਦੌਰਾਨ ਸਤਿਗੁਰਾਂ ਵੱਲੋਂ ਹਜ਼ੂਰ ਬਾਬਾ ਦੇਵਾ ਸਿੰਘ ਜੀ ਮਹਾਰਾਜ ਨੂੰ ਸਾਲ 1936-37 ਦੌਰਾਨ ਜਾਨਸ਼ੀਨੀ ਬਖਸ਼ ਦਿੱਤੀ ਤੇ ਆਪਣੇ ਦੇਹ ਰੂਪ ਹੁੰਦਿਆਂ ਬਾਬਾ ਦੇਵਾ ਸਿੰਘ ਜੀ ਮਹਾਰਾਜ ਨੂੰ ਆਪਣੇ ਬਰਾਬਰ ਪਲੰਘ ਬਖਸ਼ ਦਿੱਤਾ।

ਹਜੂਰ ਬਾਬਾ ਦੇਵਾ ਸਿੰਘ ਜੀ ਮਹਾਰਾਜ 1960 ਈਸਵੀ ਤੱਕ ਦੇਹ  ਸਰੂਪ ਵਿੱਚ ਵਿਚਰਦੇ ਹੋਏ ਜੀਵਾਂ ਤੇ ਦਇਆ ਕਿਰਪਾ ਕਰਦੇ ਰਹੇ। ਇਸ ਦੌਰਾਨ ਹੀ ਸਾਲ 1955 ਈਸਵੀ ਵਿੱਚ ਹਜੂਰ ਸੁਆਮੀ ਸ੍ਰੀ ਗੁਰਬਚਨ ਲਾਲ ਜੀ ਮਹਾਰਾਜ ਨੂੰ ਜਾਨਸ਼ੀਨੀ ਬਖਸ਼ ਦਿੱਤੀ।

ਹਜੂਰ ਸੁਆਮੀ ਸ੍ਰੀ ਗੁਰਬਚਨ ਲਾਲ ਜੀ ਮਹਾਰਾਜ ਵੱਲੋਂ  ਧਿਆਨਪੁਰ ਵਿਖੇ ਆਪਣੀ ਜੱਦੀ ਜਮੀਨ ਵਿੱਚ ਡੇਰਾ ਬਾਬਾ ਦੇਵਾ ਸਿੰਘ ਜੀ ਮਹਾਰਾਜ ਦੀ ਸਥਾਪਨਾ ਕੀਤੀ। ਬਚਨ ਕੀਤੇ ਕਿ ਡੇਰੇ ਵਿੱਚ ਜੋ ਅੰਦਰਲੀ ਡਿਉੜੀ ਹੈ, ਉਸ ਨੂੰ ਕੋਈ ਭਾਗਾਂ ਵਾਲਾ ਹੀ ਲੰਘੇਗਾ ਤੇ ਜਿਸ ਨੂੰ ਮੈਂ ਬੁਲਾਵਾਂਗਾ, ਉਹੀ ਆਵੇਗਾ। ਸਤਿਗੁਰਾਂ ਨੇ ਜੀਵਾਂ ਅੱਗੇ ਆਪਣੇ ਸਤਿਗੁਰਾਂ ਨਾਲ ਪਿਆਰ ਦੀ ਅਦੁੱਤੀ ਮਿਸਾਲ ਪੈਦਾ ਕੀਤੀ। ਖੁਦ ਕਾਮਲ ਮਾਲਕ ਸਰਕਾਰ ਹੁੰਦੇ ਹੋਏ ਵੀ ਨਿਮਰਤਾ ਦੀ ਡੂੰਘਾਈ ਤੱਕ ਪਹੁੰਚ ਕੇ ਆਪਣੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਸਾਰਾ ਸਿਹਰਾ ਆਪਣੇ ਸਤਿਗੁਰਾਂ ਨੂੰ ਦਿੰਦੇ ਰਹੇ। ਸਤਿਗੁਰਾਂ ਨੇ ਕਦੇ ਵੀ ਨਹੀਂ ਸੀ ਮੰਨਿਆ ਕਿ ਉਹਨਾਂ ਦੇ ਸਤਿਗੁਰੂ ਹਜੂਰ ਬਾਬਾ ਦੇਵਾ ਸਿੰਘ ਜੀ ਮਹਾਰਾਜ ਦੇਹ ਦੇ ਨਾਤੇ ਓਹਲਾ ਕਰ ਗਏ ਹਨ। ਇਸ ਲੋਕ ਦੇ ਨਿਯਮਾਂ ਅਨੁਸਾਰ ਚਲਦੇ ਹੋਏ 1981 ਵੀ ਈਸਵੀ ਵਿੱਚ ਆਪ ਦੇਹ ਦੇ ਨਾਤੇ ਇਸ ਸੰਸਾਰ ਤੋਂ ਓਹਲਾ ਕਰ ਗਏ।

ਸਤਿਗੁਰਾਂ ਦੇ ਬਚਨਾਂ ਅਨੁਸਾਰ 1991 ਈਸਵੀ ਵਿੱਚ ਹਜੂਰ ਸੁਆਮੀ ਸ਼੍ਰੀ ਬਲਦੇਵ ਰਾਜ ਜੀ ਮਹਾਰਾਜ ਨੇ ਸੰਗਤਾਂ ਨੂੰ ਸਤਿਗੁਰਾਂ ਦੇ ਸਰੂਪ ਵਿੱਚ ਦਰਸ਼ਨ ਦੇਣੇ ਸ਼ੁਰੂ ਕੀਤੇ। ਆਪ ਜੀ ਦੇ ਬਿਰਧ ਦੇ ਬਾਰੇ ਜੋ ਵੀ ਕਿਹਾ ਜਾ ਸਕੇ ਘੱਟ ਹੈ, ਬਹੁਤ ਹੀ ਘੱਟ। ਆਪ ਕਰੁਨਾ ਦੀ, ਦਇਆ ਦੀ ਮਿਸਾਲ ਆਪ ਹੀ ਸਨ। ਦੂਸਰੀ ਪਾਤਸ਼ਾਹੀ ਰਾਧਾ ਸੁਆਮੀ ਦਰਬਾਰ ਸ਼੍ਰੀ ਧਿਆਨਪੁਰ ਸਾਹਿਬ ਦੇ ਰੂਪ ਵਿੱਚ ਆਪ ਨੇ ਸੰਗਤਾਂ ਤੇ ਦਇਆ ਮਿਹਰ ਦੀ ਬਰਸਾਤ ਹੀ ਕਰ ਦਿੱਤੀ। ਆਪ ਨੇ ਸਤਿਗੁਰਾਂ ਦੇ ਇਹ ਬਚਨ ਕਿ

“ਕਹਾ ਕਵੀਅਨ ਪਰ ਕਹਿ ਨਹੀ ਜਾਨਾ, ਸੰਤ ਹਿਰਦੇ ਨਵਨੀਤ ਸਮਾਨਾ,
ਨਿਜ ਪ੍ਰਤਾਪ ਦ੍ਰਵੇ ਨਵਨੀਤਾ, ਪਰ ਪ੍ਰਤਾਪ ਦ੍ਰਵੇ ਸੰਤ ਪੁਨੀਤਾ”

ਸਚ ਕਰਕੇ ਦਿਖਾਏ। ਪਰ ਸਾਲ 2001 ਦੇ 16 ਸਤੰਬਰ ਵਾਲੇ ਦਿਨ ਆਪ ਨੇ ਦੇਹ ਦੇ ਨਾਤੇ ਸੰਗਤਾਂ ਤੋਂ ਓਹਲਾ ਕਰ ਲਿਆ ,ਫਿਰ ਮੌਜੂਦਾ ਸਵਰੂਪ ਹਜੂਰ ਸੁਆਮੀ ਸ੍ਰੀ ਵਿਕਰਮਜੀਤ ਸਿੰਘ ਜੀ ਮਹਾਰਾਜ ਨੇ ਸੰਗਤਾਂ ਨੂੰ ਸਤਿਗੁਰਾਂ ਦੇ ਰੂਪ ਵਿੱਚ ਦਰਸ਼ਨ ਦਿੱਤੇ।

ਸਤਿਗੁਰੂ ਸਾਹਿਬ ਜੀ ਨੇ ਦਇਆ ਕਿਰਪਾ ਕਰਦਿਆਂ ਹੋਇਆਂ ਆਪਣੀ ਦਇਆ ਤੇ ਆਪਣੀ ਕਿਰਪਾ ਦੇ ਸਭ ਭੰਡਾਰੇ ਖੋਲ  ਰੱਖੇ ਹਨ। ਸਤਿਗੁਰਾਂ ਦੇ ਦਰਬਾਰ ਵਿੱਚ ਪਰਮਾਰਥ ਦਾ ਰੂਹਾਨੀ ਤੇ ਅਦੁਤੀ ਪਰਵਾਹ ਲਗਾਤਾਰ ਚੱਲ ਰਿਹਾ ਹੈ। ਸਤਿਗੁਰੂ ਸਾਹਿਬ ਜੀ ਜੀਵਾਂ ਤੇ ਦਇਆ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਆਪਣੇ ਆਰਾਮ ਦੀ, ਆਪਣੇ ਸੁੱਖ ਦੀ ਪਰਵਾਹ ਕੀਤੇ ਬਗੈਰ ਹਮੇਸ਼ਾ ਸੰਗਤਾਂ  ਦੇ ਭਲੇ ਲਈ ਘੰਟਿਆਂ ਬੱਧੀ ਆਪਣਾ ਬਹਮੁੱਲਾ ਸਮਾਂ ਸੰਗਤਾਂ ਵਿੱਚ ਗੁਜ਼ਾਰਦੇ ਹਨ। ਸਤਿਗੁਰਾਂ ਦੇ ਦਰਬਾਰ ਵਿੱਚ ਜੋ ਰੂਹਾਨੀ ਤੇ ਅਦੁੱਤੀ ਪਰਵਾਹ, ਜੋ ਪ੍ਰਕਾਸ਼ ਹੋ ਰਿਹਾ ਹੈ, ਉਸ ਬਾਰੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਵੇਖਣ ਤੇ ਹੀ ਪਤਾ ਚੱਲ ਸਕਦਾ ਹੈ, ਮਹਿਸੂਸ ਕਰਨ ਤੇ ਹੀ ਪਤਾ ਚੱਲ ਸਕਦਾ ਹੈ। ਇਸ ਲਈ ਜਿਸ ਕਿਸੇ ਨੂੰ ਵੀ, ਇਸ ਸਭ ਕਾਸੇ ਦੀ ਚਾਹ ਹੈ, ਉਸ ਰੂਹਾਨੀ ਰਸਤੇ ਉਤੇ ਚਲਣ ਦੀ, ਦਰਸ਼ਨ ਕਰਨ  ਦੀ ਤਾਂਘ ਹੈ ਤਾਂ ਉਹ ਫਿਰ ਧਿਆਨਪੁਰ ਸਾਹਿਬ ਦੀ ਧਰਤੀ ਵੱਲ ਨੂੰ ਧਿਆਨ ਕਰ ਲਵੇ। ਸੰਗਤਾਂ ਨੂੰ ਸਿੱਧੇ ਰਸਤੇ ਪਾਉਣ ਦੀ ਖਾਤਰ, ਜੀਵਨ ਦਾ ਰਸਤਾ ਰਸ਼ਨਾਉਣ ਦੀ ਖਾਤਰ ਸਤਿਗੁਰੂ ਸਾਹਿਬ ਜੀ ਮੌਜੂਦਾ ਸਰੂਪ ਰਾਧਾ ਸੁਆਮੀ ਦਰਬਾਰ ਸ਼੍ਰੀ ਧਿਆਨਪੁਰ ਸਾਹਿਬ, ਘੰਟਿਆਂ ਬੱਧੀ,ਜੀਵਾਂ ਤੇ ਆਪਣੇ ਅਨਮੋਲ ਬਚਨਾਂ ਦੀ ਬਰਸਾਤ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਭ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਰਹੇ ਹਨ। ਸਤਿਗੁਰਾਂ ਦੇ ਦਰਬਾਰ ਵਿੱਚ ਆਈਆਂ ਸਾਰੀਆਂ ਰੂਹਾਂ ਵਿਸਮਾਦੀ ਰੰਗ ਵਿੱਚ ਰੰਗੀਆਂ ਜਾ ਰਹੀਆਂ ਹਨ। ਸਤਿਗੁਰੂ ਸਾਹਿਬ ਜੀ ਵੱਲੋਂ ਹਰ ਐਤਵਾਰ, ਹਰ ਮਹੀਨੇ ਦੀ ਸੰਗਰਾਂਦ ਤੇ ਸਤਿਗੁਰਾਂ ਦੇ ਅਵਤਾਰ ਪੁਰਬਾਂ ਦੇ ਦਿਹਾੜੇ ਉੱਤੇ ਸਤਿਸੰਗ ਦੀ ਕਿਰਪਾ ਕੀਤੀ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਜੀਵਾਂ ਦੇ ਉਦਾਰ ਦੀ ਖਾਤਰ ਉਨਾਂ ਦੇ ਸ਼ਹਿਰਾਂ ਵਿੱਚ ਜਾ ਕੇ ਵੀ ਸਤਸੰਗ ਫਰਮਾ ਰਹੇ ਹਨ।

ਜੇ ਕਿਸੇ ਨੂੰ ਵੀ ਆਪਣੇ ਅੰਦਰ ਵੇਖਣ ਦੀ ਚਾਹ ਹੈ, ਅੰਦਰ ਦੀ ਗੱਲ ਸੁਣਨ ਦੀ ਚਾਹ ਹੈ, ਉਹ ਇੱਕ ਵਾਰ ਸਤਿਗੁਰੂ ਸਾਹਿਬ ਜੀ ਵੱਲੋਂ ਫਰਮਾਏ ਗਏ ਸਤਿਸੰਗ ਨੂੰ ਸੁਣੇ, ਅਨਮੋਲ ਬਚਨਾਂ ਨੂੰ ਸੁਣਣ ਲਈ ਕੁਝ ਸਮਾਂ ਕੱਢੇ। ਇਸ ਕਾਰਜ ਲਈ ਸਤਿਗੁਰਾਂ ਦੇ ਦਰਬਾਰ ਦੇ ਯੂ-ਚੈਨਲ “Radha Swami Satsang Dhianpur” ਨੂੰ ਸਬਸਕਰਾਈਬ ਕੀਤਾ ਜਾ ਸਕਦਾ ਹੈ। ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰਨ ਤੋਂ ਬਾਅਦ ਅੰਦਰ ਬਾਹਰ ਦੇ ਸਭ ਭੇਦ ਖੁੱਲ ਸਕਦੇ ਹਨ। ਸਤਿਗੁਰੂ ਜੀ ਦੇ ਬਚਨ ਸੁਣਨ ਨਾਲ ਆਪਣੇ ਅੰਦਰ ਝਾਤੀ ਮਾਰਨ ਦੀ ਚਾਹ ਰੱਖਣ ਵਾਲੇ ਜੀਵਾਂ ਦੀ ਚਾਹਤ ਪੂਰਨ ਹੋ ਸਕਦੀ ਹੈ| ਇਸ ਕਾਰਜ ਲਈ ਸਮਾਂ ਕੱਢ ਕੇ ਸਤਿਗੁਰਾਂ ਦੇ ਦਰਬਾਰ ਡੇਰਾ ਬਾਬਾ ਦੇਵਾ ਸਿੰਘ ਜੀ ਮਹਾਰਾਜ ਸ਼੍ਰੀ ਧਿਆਨਪੁਰ ਸਾਹਿਬ ਤਹਿਸੀਲ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਪੰਜਾਬ ਵਿੱਚ ਹਾਜਰੀ ਭਰੀ ਜਾ ਸਕਦੀ ਹੈ।

ਚਲੋ ਆਓ ਪਵਿੱਤਰ ਅਤੇ ਅਧਿਆਤਮਿਕ ਯਾਤਰਾ ਦਾ ਆਨੰਦ ਮਾਣੀਏ………………